ਸੁਸ਼ੀਲ ਕੁਮਾਰ ਰਿੰਕੂ ਨੇ ਪਾਸਪੋਰਟ ਸੰਬੰਧੀ ਸੇਵਾਵਾਂ ਲਈ ਅਪਾਇੰਟਮੈਂਟ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ
ਪੰਜਾਬ ਉਜਾਲਾ ਨਿਊਜ਼ਜਲੰਧਰ (ਰਾਹੁਲ ਕਸ਼ਯਪ) ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਖੇਤਰੀ ਪਾਸਪੋਰਟ ਅਫ਼ਸਰ (ਆਰ.ਪੀ.ਓ.) ਜਲੰਧਰ ਨੂੰ ਪਾਸਪੋਰਟ ਸੰਬੰਧੀ ਸੇਵਾਵਾਂ ਲਈ ਅਪਾਇੰਟਮੈਂਟ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਿਨੈਕਾਰ ਇਨ੍ਹਾਂ ਸੁਵਿਧਾਵਾਂ ਦਾ ਲਾਭ ਨਿਰਵਿਘਨ ਢੰਗ ਨਾਲ ਲੈ ਸਕਣ।ਸੰਸਦ ਮੈਂਬਰ ਨੇ ਜਲੰਧਰ ਪਾਸਪੋਰਟ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਪਾਸਪੋਰਟ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਦੀ ਸਮੁੱਚੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਰ.ਪੀ.ਓ. ਅਨੂਪ ਸਿੰਘ ਨੂੰ ਪਾਸਪੋਰਟ ਅਪਾਇੰਟਮੈਂਟ ਵਿੱਚ ਦੇਰੀ ਦੇ ਮੁੱਦੇ ਨੂੰ ਹੱਲ ਕਰਨ ਲਈ ਕਿਹਾ, ਜੋ ਕਿ ਬਿਨੈਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜ਼ਿਲ੍ਹੇ ਦੇ ਵਸਨੀਕਾਂ ਨੂੰ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ। ਆਰ.ਪੀ.ਓ. ਅਨੂਪ ਸਿੰਘ ਨੇ ਲੋਕ ਸਭਾ ਮੈਂਬਰ ਨੂੰ ਜਾਣੂ ਕਰਵਾਇਆ ਕਿ ਪੈਂਡੈਂਸੀ ਨੂੰ ਘੱਟ ਕਰਨ ਲਈ ਅਪਾਇੰਟਮੈਂਟ ਕੋਟਾ ਵਧਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।