ਪੰਜਾਬ ਵਿੱਚ ਟਰੈਕਟਰ ਸਟੰਟ ਨਾਲ ਹੋਈ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਕੀਤਾ ਅਹਿਮ ਐਲਾਨ
ਪੰਜਾਬ ਉਜਾਲਾ ਨਿਊਜ਼
ਪੰਜਾਬ ਵਿੱਚ ਟਰੈਕਟਰ ਸਟੰਟ ਨਾਲ ਹੋਈ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਕੀਤਾ ਅਹਿਮ ਐਲਾਨ
ਚੰਡੀਗੜ੍ਹ: (ਰਾਹੁਲ ਕਸ਼ਯਪ) ਬੀਤੇ ਦਿਨੀਂ ਬਟਾਲਾ ਵਿੱਚ ਟਰੈਕਟਰ ਸਟੰਟ ਦੌਰਾਨ ਇੱਕ ਨੌਜਵਾਨ ਸੁਖ਼ਮਨਦੀਪ ਸਿੰਘ ਦੀ ਮੌਤ ਹੋ ਜਾਣ ਦੇ ਮਾਮਲੇ ਦਾ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਨੋਟਿਸ ਲੈਂਦਿਆਂ ਇੱਕ ਅਹਿਮ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਪੰਜਾਬ ਵਿੱਚ ਟਰੈਕਟਰਾਂ ਅਤੇ ਇਸ ਨਾਲ ਸੰਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖ਼ਤਰਨਾਕ ਪ੍ਰਦਰਸ਼ਨ ਕਰਨ ’ਤੇ ਸੂਬੇ ਭਰ ਵਿੱਚ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਵੱਲੋਂ ਅੱਜ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ ਹੈ ਕਿ:
ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ..
ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਬਟਾਲਾ ਦੇ ਕਸਬਾ ਫ਼ਤਹਿਗੜ੍ਹ ਚੂੜੀਆਂ ਦੇ ਨਾਲ ਲੱਗਦੇ ਪਿੰਡ ਵਿੱਚ ਹੋ ਰਹੇ ਕਬੱਡੀ ਮੁਕਾਬਲਿਆਂ ਦੌਰਾਨ ਆਪਣੇ ਟਰੈਕਟਰ ਦੇ ਸਟੰਟ ਵਿਖ਼ਾ ਰਹੇ ਪਿੰਡ ਠੱਠਾ ਦੇ ਨੌਜਵਾਨ ਸੁਖ਼ਮਨਦੀਪ ਸਿੰਘ ਦੀ ਦੁਖ਼ਦਾਈ ਮੌਤ ਹੋ ਗਈ ਸੀ ਅਤੇ ਇਹ ਦੁਰਘਟਨਾ ਮੌਕੇ ’ਤੇ ਹਾਜ਼ਰ ਲੋਕਾਂ ਵੱਲੋਂ ਆਪਣੇ ਮੋਬਾਇਲਾਂ ਵਿੱਚ ਕੈਦ ਕੀਤੀ ਜਾ ਰਹੀ ਹੋਣ ਕਰਕੇ ਵਾਇਰਲ ਹੋ ਗਈ ਸੀ।
1575 ਟਰੈਕਟਰ ਵਾਲੇ ਵਜੋਂ ਜਾਣਿਆ ਜਾਂਦਾ ਸੁਖ਼ਮਨਦੀਪ ਸਿੰਘ ਆਪਣੇ ਟਰੈਕਟਰ ਨਾਲ ਪਿਛਲੇ ਲਗਪਗ 10 ਸਾਲਾਂ ਤੋਂ ਇਹ ਸਟੰਟ ਵਿਖ਼ਾਉਂਦੇ ਰਹਿਣ ਕਾਰਨ ਮਸ਼ਹੂਰ ਸੀ ਪਰ ਸਨਿਚਰਵਾਰ ਨੂੰ ਸਟੰਟ ਵਿਖ਼ਾਉਂਦੇ ਸਮੇਂ ਟਰੈਕਟਰ ਦੀ ਰੇਸ ਵਧੀ ਤਾਂ ਉਹ ਅੱਗੇ ਹੋ ਕੇ ਟਰੈਕਟਰ ਨੂੰ ਸੰਤੁਲਿਤ ਕਰਨ ਲਈ ਵਧਿਆ ਪਰ ਆਪਣੇ ਹੀ ਟਰੈਕਟਰ ਹੇਠ ਆ ਕੇ ਕੁਚਲਿਆ ਗਿਆ ਸੀ।
ਇਸ ਦੁਖ਼ਦਾਈ ਖ਼ਬਰ ਦੇ ਚੱਲਦਿਆਂ ਹੀ ਮੁੱਖ ਮੰਤਰੀ ਸ: ਮਾਨ ਨੇ ਇਸ ਬਾਰੇ ਫ਼ੈਸਲਾ ਲੈ ਕੇ ਇਸ ਬਾਰੇ ਸੂਚਿਤ ਕੀਤਾ ਹੈ ਜਦਕਿ ਮੁੱਖ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਸਪਸ਼ਟ ਕੀਤਾ ਹੈ ਕਿ ਇਸ ਬਾਰੇ ਮੁਕੰਮਲ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ।
