ਪਹਿਲ ਦੇ ਆਧਾਰ ’ਤੇ ਜਨਤਾ ਦੀਆਂ ਸਮੱਸਿਆਵਾਂ ਦਾ ਕੀਤਾ ਜਾ ਰਿਹੈ ਨਿਪਟਾਰਾ : ਬ੍ਰਮ ਸ਼ੰਕਰ ਜਿੰਪਾ
ਪੰਜਾਬ ਉਜਾਲਾ ਨਿਊਜ਼
ਪਹਿਲ ਦੇ ਆਧਾਰ ’ਤੇ ਜਨਤਾ ਦੀਆਂ ਸਮੱਸਿਆਵਾਂ ਦਾ ਕੀਤਾ ਜਾ ਰਿਹੈ ਨਿਪਟਾਰਾ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਵਾਰਡ ਨੰਬਰ 28 ’ਚ ਵਾਟਰ ਸਪਲਾਈ ਪਾਈਪ ਲਾਈਨ ਤੇ ਵਾਰਡ ਨੰਬਰ 2 ’ਚ ਸੜਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ ।
ਹੁਸ਼ਿਆਰਪੁਰ, 12 ਸਤੰਬਰ (राहुल कश्यप)ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 28 ਵਿਚ 14 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਪਾਈਪ ਲਾਈਨ ਪਾਉਣ ਅਤੇ ਵਾਰਡ ਨੰਬਰ 2 ਵਿਚ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਦੌਰਾਨ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਪਹਿਲ ਦੇ ਆਧਾਰ ’ਤੇ ਸਮੱਸਿਆਵਾਂ ਦਾ ਨਿਪਟਾਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ, ਸੀਵਰੇਜ, ਸੜਕ ਨਿਰਮਾਣ ਕਾਰਜ ਆਦਿ ਦੀਆਂ ਸੁਵਿਧਾਵਾਂ ਮੁੱਖ ਹਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ,ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਕੌਂਸਲਰ ਜਸਵਿੰਦਰ ਪਾਲ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਪੂਰੀ ਗੰਭੀਰਤਾ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਢਿੱਲੀ ਕਾਰਗੁਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨੂੰ ਨਿਭਾਇਆ ਜਾਵੇ, ਤਾਂ ਜੋ ਜਨਤਾ ਨੂੰ ਸਮੇਂ ਸਿਰ ਨਿਰੰਤਰ ਵੱਖ-ਵੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕਾਰਜ ਵਿਚ ਗੁਣਵੱਤਾ ਪੱਖੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਖੁਦ ਜਾ ਕੇ ਸਾਰੇ ਕੰਮਾਂ ਦਾ ਜਾਇਜ਼ਾ ਲੈਣਗੇ ਅਤੇ ਸਪੈਸ਼ਲ ਟੀਮ ਤੋਂ ਵੀ ਕੰਮਾਂ ਦੀ ਚੈਕਿੰਗ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਮੁਰੰਮਤ ਹੋਣ ਵਾਲੀਆਂ ਸੜਕਾਂ ਅਤੇ ਗਲੀਆਂ ਦਾ ਕੰਮ ਨਗਰ ਨਿਗਮ ਵਲੋਂ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜਨੀਤੀ ਤੋਂ ਉਪਰ ਉਠ ਕੇ ਵਿਕਾਸ ਕਾਰਜ ਕਰਵਾਉਣ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਸਿਵਲ ਹਸਪਤਾਲ ਵਿਚ ਸੀ.ਟੀ. ਸਕੈਨ ਮਸ਼ੀਨ ਲਗਾ ਕੇ ਸਸਤੇ ਰੇਟਾਂ ’ਤੇ ਮਰੀਜ਼ਾਂ ਦੀ ਸਕੈਨ ਕੀਤੀ ਜਾ ਰਹੀ ਹੈ ਅਤੇ ਹੁਸ਼ਿਆਰਪੁਰ ਵਿਚ ਨਵੀਂ ਤਹਿਸੀਲ ਦੀ ਇਮਾਰਤ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਈ ਇਸ ਤਰ੍ਹਾਂ ਦੇ ਪ੍ਰੋਜੈਕਟ ਹਨ, ਜਿਨ੍ਹਾਂ ਦਾ ਸਿੱਧਾ ਹੁਸ਼ਿਆਰਪੁਰ ਵਾਸੀਆਂ ਨੂੰ ਲਾਭ ਮਿਲੇਗਾ। ਇਸ ਮੌਕੇ ਨਗਰ ਨਿਗਮ ਫਾਈਨਾਂਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਬਿੰਦੀ, ਐਡਵੋਕੇਟ ਅਮਰਜੋਤ ਸੈਣੀ, ਸੁਮੇਸ਼ ਸੋਨੀ, ਵਰਿੰਦਰ ਵੈਦ, ਚੰਦਨ ਲੱਕੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।