Search for:
  • Home/
  • Uncategorized/
  • ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪਹਿਲਕਦਮੀ ਨਾਲ ਵਿਦਿਆਰਥੀਆਂ ਖਿੜ੍ਹੇ ਚਿਹਰੇ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪਹਿਲਕਦਮੀ ਨਾਲ ਵਿਦਿਆਰਥੀਆਂ ਖਿੜ੍ਹੇ ਚਿਹਰੇ

ਪੰਜਾਬ ਉਜਾਲਾ ਨਿਊਜ਼

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪਹਿਲਕਦਮੀ ਨਾਲ ਵਿਦਿਆਰਥੀਆਂ ਖਿੜ੍ਹੇ ਚਿਹਰੇ

ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬੰਦ ਪਏ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਆਨਲਾਈਨ ਕੋਚਿੰਗ ਦੇ ਕੀਤੇ ਵਿਸ਼ੇਸ਼ ਪ੍ਰਬੰਧ, ਸਟੇਸ਼ਨਰੀ ਵੀ ਕਰਵਾਈ ਜਾਵੇਗੀ ਉਪਲਬੱਧ
-ਪਾਣੀ ਦਾ ਪੱਧਰ ਥੱਲੇ ਜਾਣ ਤੋਂ ਬਾਅਦ ਲੋਕਾਂ ਨੇ ਕੀਤੀ ਘਰ ਵਾਪਸੀ
-ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੱਗੇ 61 ਮੈਡੀਕਲ ਕੈਂਪਾਂ ’ਚ 8657 ਲੋਕਾਂ ਦਾ ਕੀਤਾ ਗਿਆ ਚੈਕਅਪ
-ਮਹਿਤਾਬਪੁਰ ’ਚ ਲਗਾਏ ਗਏ ਹੜ੍ਹ ਰਾਹਤ ਕੈਂਪਾਂ ’ਚ ਡਿਪਟੀ ਕਮਿਸ਼ਨਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਰਾਹਤ ਸਮੱਗਰੀ ਵੰਡੀ
ਮੁਕੇਰੀਆਂ/

ਹੁਸ਼ਿਆਰਪੁਰ (ਰਾਹੁਲ ਕਸ਼ਯਪ)ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ, ਉਥੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਜੋ ਪਹਿਲਕਦਮੀ ਕੀਤੀ ਹੈ, ਉਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਯਤਨ ਕੀਤੇ ਹਨ, ਜਿਹੜੇ ਹੜ੍ਹਾਂ ਕਾਰਨ ਸਕੂਲ ਨਹੀਂ ਜਾ ਸਕੇ। ਉਨ੍ਹਾਂ ਦੇ ਇਸ ਉਪਰਾਲੇ ਨਾਲ ਇਨ੍ਹਾਂ ਬੱਚਿਆਂ ਦੇ ਚਿਹਰਿਆਂ ’ਤੇ ਇਕ ਅਜਿਹੀ ਸਕੂਨ ਭਰੀ ਮੁਸਕਾਨ ਆਈ ਹੈ, ਜਿਸ ਨੇ ਪਿਛਲੇ ਸਾਰੇ ਜ਼ਖ਼ਮਾਂ ’ਤੇ ਮਰਹਮ ਲਗਾ ਦਿੱਤੀ ਹੈ। ਉਨ੍ਹਾਂ ਨੇ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਕੋਚਿੰਗ ਦਾ ਪ੍ਰਬੰਧ ਕੀਤਾ ਹੈ ਅਤੇ ਰੈੱਡ ਕਰਾਸ ਸੁਸਾਇਟੀ ਤੇ ਹੋਰਨਾਂ ਐਨ.ਜੀ.ਓਜ਼ ਦੀ ਮਦਦ ਨਾਲ ਇਨ੍ਹਾਂ ਬੱਚਿਆਂ ਲਈ ਬੈਗ, ਕਾਪੀਆਂ, ਪੈਨਸਲਾਂ ਅਤੇ ਹੋਰ ਸਟੇਸ਼ਨਰੀ ਦਾ ਸਾਮਾਨ ਉਪਲਬੱਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਵਿਚ ਬੱਚਿਆਂ ਲਈ ਆਨਲਾਈਨ ਕਲਾਸਾਂ ਲਗਾਉਣ ਨੂੰ ਕਿਹਾ ਅਤੇ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਲਿਆਉਣ ਲਈ ਵਾਧੂ ਕਲਾਸਾਂ ਲਗਾਉਣ ਦੀ ਹਦਾਇਤ ਵੀ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਅੱਜ ਮੁਕੇਰੀਆਂ ਦੇ ਪਿੰਡ ਮਹਿਤਾਬਪੁਰ ਵਿਚ ਲਗਾਏ ਗਏ ਹੜ੍ਹ ਰਾਹਤ ਕੈਂਪ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਤੋਂ ਇਲਾਵਾ ਹਲਕਾ ਇੰਚਾਰਜ ਪ੍ਰੋ: ਜੀ.ਐਸ. ਮੁਲਤਾਨੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਐਨ.ਜੀ.ਓਜ਼ ਦੀਆਂ 12 ਕਿਸ਼ਤੀਆਂ ਤੇ ਹੋਰ ਸਾਧਨਾਂ ਰਾਹੀਂ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘੱਟ ਹੋਣ ਦੇ ਨਾਲ-ਨਾਲ ਲਗਪਗ ਸਾਰੇ ਲੋਕਾਂ ਵਲੋਂ ਆਪਣੇ ਘਰਾਂ ਵਿਚ ਵਾਪਸੀ ਕਰ ਲਈ ਗਈ ਹੈ। ਇਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਭਾਵਿਤ ਪਿੰਡਾਂ ਵਿਚ ਪੀਣ ਲਈ ਸਾਫ਼ ਪਾਣੀ ਤੇ ਬਿਜਲੀ ਸਪਲਾਈ ਨੂੰ ਦੁਬਾਰਾ ਚਾਲੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਨਾਲ ਪੀੜਤ ਪਰਿਵਾਰਾਂ ਨੂੰ ਹਰੇਕ ਜ਼ਰੂਰੀ ਮਦਦ ਪਹੁੰਚਾਈ ਜਾ ਰਹੀ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਬਿਹਤਰੀਨ ਕਾਰਜ ਕੀਤਾ ਹੈ। ਮੁਕੇਰੀਆਂ ਉਪ ਮੰਡਲ ਵਿਚ 6 ਰਾਹਤ ਕੈਂਪ ਬਣਾਏ ਗਏ, ਇਸ ਤਰ੍ਹਾਂ ਟਾਂਡਾ ਉਪ ਮੰਡਲ ਵਿਚ ਇਕ ਰਾਹਤ ਕੈਂਪ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਹੜ੍ਹ ਦੌਰਾਨ ਇਨ੍ਹਾਂ ਪਿੰਡਾਂ ਵਿਚ 61 ਮੈਡੀਕਲ ਕੈਂਪ ਲਗਾਏ ਗਏ ਅਤੇ ਸਾਰੇ 8657 ਲੋਕਾਂ ਦਾ ਚੈਕਅਪ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਇਹ ਕੈਂਪ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਵਿਚ 37 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਥੇ ਹੁਣ ਤੱਕ 7563 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਹੈ, ਇਸੇ ਤਰ੍ਹਾਂ ਟਾਂਡਾ ਵਿਚ 24 ਮੈਡੀਕਲ ਕੈਂਪ ਲਗਾਏ ਗਏ, ਜਿਥੇ 1094 ਮਰੀਜ਼ਾਂ ਦਾ ਚੈਕਅਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਪਸ਼ੂ ਪਾਲਣ ਵਿਭਾਗ ਨੇ ਪਿੰਡਾਂ ਵਿਚ ਪਸ਼ੂਆਂ ਦੇ ਇਲਾਜ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਈ ਹੈ ਅਤੇ ਇਨ੍ਹਾਂ ਪਸ਼ੂਆਂ ਨੂੰ ਪਿੰਡ ਵਾਸੀਆਂ ਅਤੇ ਐਨ. ਜੀ. ਓਜ਼ ਦੀ ਮਦਦ ਨਾਲ ਲੋੜੀਂਦੀ ਮਾਤਰਾ ਵਿਚ ਚਾਰਾ ਵੀ ਉਪਲਬੱਧ ਕਰਵਾਇਆ ਗਿਆ ਹੈ। ਵੈਟਨਰੀ ਡਾਕਟਰਾਂ ਨੇ ਟੀਮਾਂ ਬਣਾ ਕੇ ਪਸ਼ੂਆਂ ਦੇ ਇਲਾਜ ਦੇ ਵਿਸ਼ੇਸ਼ ਕੈਂਪ ਵੀ ਲਗਾਏ ਹਨ।