ਐਸਐਚਓ ਥਾਣਾ ਮਕਸੂਦਾਂ ਸਿਕੰਦਰ ਸਿੰਘ ਖਿਲਾਫ ਐਸਸੀ ਕਮਿਸ਼ਨ ਕੋਲ ਸ਼ਿਕਾਇਤ
ਪੰਜਾਬ ਉਜਾਲਾ ਨਿਊਜ਼
ਐਸਐਚਓ ਥਾਣਾ ਮਕਸੂਦਾਂ ਸਿਕੰਦਰ ਸਿੰਘ ਖਿਲਾਫ ਐਸਸੀ ਕਮਿਸ਼ਨ ਕੋਲ ਸ਼ਿਕਾਇਤ
ਜਲੰਧਰ (ਰਾਹੁਲ ਕਸ਼ਯਪ)-ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਮਕਸੂਦਾਂ ਵੱਲੋਂ ਬਸਪਾ ਆਗੂਆਂ ਤੇ ਵਰਕਰਾਂ ‘ਤੇ ਦਰਜ ਕੀਤੇ ਹਾਈਵੇ ਐਕਟ ਦੇ ਪਰਚੇ ਵਿੱਚ ਨਾਮਜ਼ਦ ਸੰਤੋਖਪੁਰਾ ਨਿਵਾਸੀ ਮਦਨ ਲਾਲ ਬਿੱਲਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਨੇ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਥਾਣਾ ਮਕਸੂਦਾਂ ਦੇ ਇੰਚਾਰਜ ਸਿਕੰਦਰ ਸਿੰਘ, ਕੁਲਬੀਰ ਸਿੰਘ, ਸਤਨਾਮ ਸਿੰਘ ਤੇ ਗੁਰਜੰਟ ਸਿੰਘ ਨੇ ਸਜਿਸ਼ਨ ਉਸਦੇ ਤੇ ਹੋਰ ਲੋਕਾਂ ‘ਤੇ ਹਾਈਵੇ ਐਕਟ ਤੇ ਸਰਕਾਰੀ ਸੰਪਤੀ ਦੀ ਭੰਨਤੋੜ ਦਾ ਝੂਠਾ ਪਰਚਾ ਦਰਜ ਕੀਤਾ ਹੈ। ਮਦਨ ਬਿੱਲਾ ਨੇ ਕਿਹਾ ਕਿ ਨਸ਼ੇ ਤੇ ਆਪ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਬਹੁਜਨ ਸਮਾਜ ਪਾਰਟੀ ਤੇ ਇਲਾਕੇ ਦੇ ਲੋਕਾਂ ਵੱਲੋਂ 23 ਜੁਲਾਈ ਨੂੰ ਨੂਰਪੁਰ ਅੱਡੇ ‘ਤੇ ਪ੍ਰਦਰਸ਼ਨ ਰੱਖਿਆ ਗਿਆ ਸੀ ਤੇ ਇਸ ਪ੍ਰਦਰਸ਼ਨ ਵਿੱਚ ਉਹ ਵੀ ਸ਼ਾਮਿਲ ਹੋਏ ਸਨ। 23 ਜੁਲਾਈ ਦੀ ਸ਼ਾਮ ਨੂੰ ਕੀਤੇ ਇਸ ਪ੍ਰਦਰਸ਼ਨ ਵਿੱਚ ਨਾ ਤਾਂ ਉਨ੍ਹਾਂ ਨੇ ਹਾਈਵੇ ਰੋਕਿਆ ਤੇ ਨਾ ਹੀ ਪ੍ਰਦਰਸ਼ਨ ਵਿੱਚ ਸ਼ਾਮਿਲ ਕਿਸੇ ਹੋਰ ਸਾਥੀ ਨੇ ਰੋਕਿਆ। ਪਰ ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਥਾਣਾ ਮਕਸੂਦਾਂ ਦੇ ਐਸਐਚਓ ਸਿਕੰਦਰ ਸਿੰਘ ਨੇ ਉਨ੍ਹਾਂ ਸਮੇਤ 163 ਲੋਕਾਂ ‘ਤੇ ਹਾਈਵੇ ਰੋਕਣ ਦਾ ਪਰਚਾ ਦਰਜ ਕੀਤਾ ਹੈ, ਜੋ ਕਿ ਬਿਲਕੁਲ ਝੂਠਾ ਹੈ। ਮਦਨ ਬਿੱਲਾ ਨੇ ਰਾਸ਼ਟਰੀ ਐਸਸੀ ਕਮਿਸ਼ਨ ਨੂੰ ਸ਼ਿਕਾਇਤ ਵਿੱਚ ਕਿਹਾ ਕਿ ਸਿਕੰਦਰ ਸਿੰਘ, ਕੁਲਬੀਰ ਸਿੰਘ, ਸਤਨਾਮ ਸਿੰਘ ਤੇ ਗੁਰਜੰਟ ਸਿੰਘ ਨੇ ਸਾਜਿਸ਼ਨ ਇਹ ਪਰਚਾ ਕੀਤਾ ਹੈ, ਤਾਂ ਕਿ ਉਹ ਨਸ਼ੇ ਤੇ ਆਪ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਬੋਲ ਨਾ ਸਕਣ। ਮਦਨ ਬਿੱਲਾ ਨੇ ਕਿਹਾ ਕਿ ਉਨ੍ਹਾਂ ਕੋਲ ਪ੍ਰਦਰਸ਼ਨ ਦੀ ਵੀਡੀਓ ਹੈ, ਜਿਸ ਵਿੱਚ ਸਾਫ਼ ਹੈ ਕਿ ਥਾਣਾ ਮਕਸੂਦਾਂ ਵਿੱਚ ਤਾਇਨਾਤ ਮੁਲਾਜ਼ਮ ਸਤਨਾਮ ਸਿੰਘ ਨੇ ਖੁਦ ਹੀ ਹਾਈਵੇ ਟ੍ਰੈਫਿਕ ਰੋਕਿਆ ਤੇ ਫ਼ਿਰ ਉਲਟਾ ਉਨ੍ਹਾਂ ‘ਤੇ ਝੂਠਾ ਮਾਮਲਾ ਦਰਜ ਕਰ ਦਿੱਤਾ। ਮਦਨ ਬਿੱਲਾ ਨੇ ਕਮਿਸ਼ਨ ਕੋਲ ਉਕਤ ਚਾਰਾਂ ਮੁਲਾਜ਼ਮਾਂ ਖਿਲਾਫ਼ ਝੂਠਾ ਪਰਚਾ ਦਰਜ ਕਰਨ ਦੇ ਮਾਮਲੇ ਵਿੱਚ ਕਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਦੇ ਵੀ ਧਿਆਨ ਵਿੱਚ ਸੀ, ਪਰ ਫਿਰ ਵੀ ਝੂਠਾ ਪਰਚਾ ਦਰਜ ਕੀਤਾ ਗਿਆ।
