ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਾਲੀਆਂ ਮਸ਼ੀਨਾਂ ਦੇ ਲਾਭਪਾਤਰੀਆਂ ਦੀ ਕੀਤੀ ਗਈ ਚੋਣ : ਵਧੀਕ ਡਿਪਟੀ ਕਮਿਸ਼ਨਰ
ਪੰਜਾਬ ਉਜਾਲਾ ਨਿਊਜ਼
ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਾਲੀਆਂ ਮਸ਼ੀਨਾਂ ਦੇ ਲਾਭਪਾਤਰੀਆਂ ਦੀ ਕੀਤੀ ਗਈ ਚੋਣ : ਵਧੀਕ ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 19 ਸਤੰਬਰ (ਰਾਹੁਲ ਕਸ਼ਯਪ)
ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ (ਕਰਾਪ ਰੈਜੀਡਿਊ ਮੈਨੇਜਮੈਂਟ) ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਮੀਟਿੰਗ ਵਿਚ “ਕਰਾਪ ਰੈਜੀਡਿਊ ਮੈਨੇਜਮੈਂਟ (ਸੀ.ਆਰ.ਐਮ)”ਸਕੀਮ ਸਾਲ 2023-24 ਵਿੱਚ ਵੱਖ-ਵੱਖ ਬਿਨੈਕਾਰਾਂ ਜਿਵੇਂ ਕਿ ਵਿਅਕਤੀਗਤ ਕਿਸਾਨਾਂ, ਰਜਿਸਟਰਡ ਕਿਸਾਨ ਸਮੂਹਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨ ਉਤਪਾਦਕ ਸਗੰਠਨਾਂ (ਐਫ.ਪੀ.ਓਜ਼) ਵੱਲੋਂ ਪਰਾਲੀ ਪ੍ਰਬੰਧਨ ਦੀਆਂ ਨਵੀਨਤਮ ਮਸ਼ੀਨਾਂ ’ਤੇ ਸਬਸਿਡੀ ਦੇਣ ਲਈ ਯੋਗ ਲਾਭਪਾਤਰੀਆਂ ਦੀ ਚੋਣ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਦੀ ਨਵੀਨਤਮ ਤਕਨੀਕ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਆਰ.ਐਮ.ਬੀ ਪਲਾਓ, ਜ਼ੀਰੋ ਟਿੱਲ ਡਰਿੱਲ, ਪੈਡੀ ਸਟਰਾਅ ਚੌਪਰ, ਮਲਚਰ, ਸ਼ਰਬ ਮਾਸਟਰ/ਰੋਟਰੀ ਸਲੈਸ਼ਰ, ਸੁਪਰ ਐਸ.ਐਮ.ਐਸ, ਬੇਲਰ, ਰੇਕ, ਕਰਾਪ ਰੀਪਰ ਅਤੇ ਸਰਫੇਸ ਸੀਡਰ ਉੱਤੇ ਸਬਸਿਡੀ ਪ੍ਰਾਪਤ ਕਰਨ ਹਿੱਤ ਮਿਤੀ 20 ਜੂਨ 2023 ਤੋਂ ਮਿਤੀ 10 ਸਤੰਬਰ 2023 ਤੱਕ ਐਗਰੀ ਮਸ਼ੀਨਰੀ ਪੋਰਟਲ ’ਤੇ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਯੋਗ ਲਾਭਪਾਤਰੀਆਂ ਦੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਜਾਰੀ ਟੀਚਿਆਂ ਮੁਤਾਬਿਕ ਪੋਰਟਲ ’ਤੇ ਹੀ ਆਨਲਾਈਨ ਸਿਸਟਮ ਰਾਹੀਂ ਚੋਣ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਦੇ ਹੋਏ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਹੀ ਕਣਕ ਦੀ ਬਿਜਾਈ ਕਰਨ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ੳਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਕਮਿਸ਼ਨ ਆਫ ਏਅਰ ਕੁਆਲਿਟੀ ਮੈਨੇਜਮੈਂਟ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਜ਼ੀਰੋ ਸਟੱਬਲ ਬਰਨਿੰਗ ਦਾ ਟੀਚਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਹੋ ਚੁੱਕੀ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਵੱਖ-ਵੱਖ ਕੈਟਾਗਰੀਆਂ ਵਿਚ ਕੁੱਲ 419 ਮਸ਼ੀਨਾਂ ਦੀ ਖਰੀਦ ਲਈ ਚੁਣੇ ਗਏ ਲਾਪਾਤਰੀਆਂ ਨੂੰ ਪੋਰਟਲ ਰਾਹੀਂ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਕਮੇਟੀ ਮੀਟਿੰਗ ਵਿਚ ਮੌਜੂਦ ਇੰਜ: ਲਵਲੀ, ਸਹਾਇਕ ਖੇਤੀਬਾੜੀ ਇੰਜੀਨਿਅਰ, ਹੁਸ਼ਿਆਰਪੁਰ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਮਸ਼ੀਨਾਂ ਦੀ ਖਰੀਦ ਲਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨ੍ਹਾਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਇਸ ਪ੍ਰਵਾਨਗੀ ਦੀ ਮਿਆਦ ਮਿਤੀ 2 ਅਕਤੂਬਰ 2023 ਤੱਕ ਹੈ।
ਇਸ ਮੋਕੇ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਡਾ.ਮਨਿੰਦਰ ਸਿੰਘ ਬੌਂਸ, ਲੀਡ ਡਿਸਟ੍ਰਿਕਟ ਮੈਨੇਜਰ ਰਾਜੇਸ਼ ਜੋਸ਼ੀ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਗੀਤੂ ਠਾਕੁਰ, ਸਹਾਇਕ ਟੈਕਨਾਲੋਜੀ ਮੈਨੇਜਰ (ਖੇਤੀਬਾੜੀ) ਦਿਨੇਸ਼ ਕੁਮਾਰ, ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਚੱਗਰ ਅਤੇ ਰੂਰਲ ਐਂਟਰਪਰੈਨਿਉਰ ਹਰਕੀਰਤ ਸਿੰਘ ਵੀ ਹਾਜ਼ਰ ਸਨ।
