Search for:
  • Home/
  • Uncategorized/
  • ਸਿਕਿਓਰਿਟੀ ਗਾਰਡ ਨੇ ਹਜਾਰਾਂ ਰੁਪਏ ਨਾਲ ਭਰਿਆ ਪਰਸ ਵਾਪਸ ਕਰਕੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਸਿਕਿਓਰਿਟੀ ਗਾਰਡ ਨੇ ਹਜਾਰਾਂ ਰੁਪਏ ਨਾਲ ਭਰਿਆ ਪਰਸ ਵਾਪਸ ਕਰਕੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਪੰਜਾਬ ਉਜਾਲਾ ਨਿਊਜ਼

ਪੰਜਾਬ: ਸਿਕਿਓਰਿਟੀ ਗਾਰਡ ਨੇ ਹਜਾਰਾਂ ਰੁਪਏ ਨਾਲ ਭਰਿਆ ਪਰਸ ਵਾਪਸ ਕਰਕੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਗੁਰਦਾਸਪੁਰ: ਅੱਜ ਦੇ ਦੌਰ ਵਿੱਚ ਜਦੋਂ ਇਨਸਾਨ ਮਤਲਬੀ ਹੁੰਦਾ ਜਾ ਰਿਹਾ ਹੈ ਅਤੇ ਸਕੇ, ਸਬੰਧੀ, ਰਿਸ਼ਤੇਦਾਰ ਵੀ ਪੈਸੇ ਅਤੇ ਜ਼ਮੀਨ ਜਾਇਦਾਦ ਲਈ ਲੜਦੇ ਨਜ਼ਰ ਆਉਂਦੇ ਹਨ। ਅਜਿਹੇ ਸਮੇਂ ਵਿੱਚ ਵੀ ਇਮਾਨਦਾਰੀ ਹਜੇ ਪੂਰੀ ਤਰਾਂ ਖਤਮ ਨਹੀਂ ਹੋਈ ਹੈ। ਇਮਾਨਦਾਰੀ ਦੀ ਮਿਸਾਲ ਤਿਬੜੀ ਰੋਡ ਤੇ ਬਣ ਰਹੀ ਇੱਕ ਇਮਾਰਤ ਦੀ ਸੁਰੱਖਿਆ ਵਿੱਚ ਤੈਨਾਤ ਇੱਕ ਨਿੱਜੀ ਸੁਰੱਖਿਆ ਗਾਰਡ ਨੇ ਪੇਸ਼ ਕੀਤੀ ਹੈ। ਪਰਵਿੰਦਰ ਸਿੰਘ ਨਾਂ ਦੇ ਇਸ ਸੁਰੱਖਿਆ ਗਾਰਡ ਨੇ ਬੈਂਕ ਵਿੱਚ ਖਾਤਾ ਖੁਲਵਾਉਣ ਆਈ ਇੱਕ ਔਰਤ ਦਾ ਗਵਾਚਿਆ ਪਰਸ ਜਿਸ ਵਿੱਚ 35 ਹਜਾਰ ਰੁਪਏ ਦੇ ਕਰੀਬ ਨਗਦੀ ਸੀ ਵਾਪਸ ਕਰਕੇ ਨਜ਼ਦੀਕ ਦੇ ਦੁਕਾਨਦਾਰਾਂ ਦੀ ਵਾਹ-ਵਾਹੀ ਖੱਟੀ ਹੈ।

ਜਾਣਕਾਰੀ ਦਿੰਦਿਆਂ ਨਜ਼ਦੀਕੀ ਪਿੰਡ ਬਹਾਦਰ ਦੀ ਰਹਿਣ ਵਾਲੀ ਔਰਤ ਅਰਵਿੰਦਰ ਕੌਰ ਨੇ ਦੱਸਿਆ ਕਿ ਉਹ ਤਿਬੜੀ ਰੋਡ ਸਥਿਤ ਸਟੇਟ ਬੈਂਕ ਆਫ ਇੰਡਿਆ ਵਿੱਚ 12:00 ਵਜੇ ਦੇ ਕਰੀਬ ਖਾਤਾ ਖੁੱਲ੍ਹਵਾਉਣ ਆਈ ਸੀ। ਉਸ ਦਾ ਪਰਸ ਬਾਹਰ ਸੜਕ ਤੇ ਕਿਤੇ ਡਿੱਗ ਪਿਆ। ਜਿਸ ਵਿੱਚ 30 ਹਜ਼ਾਰ ਰੁਪਏ ਤੋਂ ਵੱਧ ਨਕਦੀ ਅਤੇ ਕੁਝ ਕਾਰਡ ਵੀ ਸਨ। ਪਿੰਡ ਜਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਕੁਝ ਦੇਰ ਬਾਅਦ ਫਿਰ ਤੋਂ ਉੱਥੇ ਆ ਕੇ ਨੇੜੇ ਦੇ ਦੁਕਾਨਦਾਰਾਂ ਕੋਲੋਂ ਪਰਸ ਬਾਰੇ ਪੁੱਛਗਿੱਛ ਕਰਨ ਲੱਗ ਪਈ। ਉਹਨਾਂ ਨੇ ਬੈਂਕ ਦੇ ਬਾਹਰ ਅਤੇ ਨੇੜੇ ਦੀਆਂ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ। ਇੰਨੇ ਨੂੰ ਇੱਕ ਆਦਮੀ ਉਥੇ ਆਇਆ ਅਤੇ ਉਹਨਾਂ ਦਾ ਪਰਸ ਵਾਪਸ ਕਰ ਦਿੱਤਾ। ਜਿਸ ਵਿੱਚ ਪੂਰੇ ਦੇ ਪੂਰੇ ਪੈਸੇ ਅਤੇ ਕਾਰਡ ਆਦਿ ਮੌਜੂਦ ਸਨ। ਔਰਤ ਉਸ ਆਦਮੀ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੀ ਸੀ।

ਉੱਥੇ ਹੀ ਪਰਸ ਵਾਪਸ ਕਰਨ ਵਾਲੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਿਬੜੀ ਰੋਡ ਤੇ ਹੀ ਐਕਸਲ ਵਰਲਡ ਸਕੂਲ ਦੇ ਨੇੜੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਸੁਰੱਖਿਆ ਗਾਰਡ ਦੇ ਤੌਰ ਤੇ ਕੰਮ ਕਰਦਾ ਹੈ। ਉਸ ਨੂੰ ਇਹ ਪਰਸ ਸੜਕ ਕਿਨਾਰੇ ਡਿੱਗਿਆ ਮਿਲਿਆ ਸੀ। ਉਸ ਨੇ ਪਰਸ ਵਾਰੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਕੋਈ ਨਹੀਂ ਬੋਲਿਆ। ਜਿਸ ਤੋਂ ਬਾਅਦ ਉਸਨੇ ਅਖੀਰ ਇਹ ਪਰਸ ਸਾਂਭ ਕੇ ਰੱਖ ਲਿਆ। ਉਸ ਨੇ ਦੱਸਿਆ ਕਿ ਪਾਰਸ ਵਿਚ ਪੰਜ-ਪੰਜ ਸੌ ਦੇ ਕਾਫੀ ਨੋਟ ਸਨ ਅਤੇ ਕੁਝ ਕਾਰਡ ਵੀ ਸਨ। ਤਿੰਨ ਚਾਰ ਘੰਟੇ ਦੇ ਬਾਅਦ ਜਦੋਂ ਉਸਨੇ ਇੱਕ ਦੁਕਾਨ ਦੇ ਨੇੜੇ ਭੀੜ ਅਤੇ ਪੁਲਿਸ ਕਰਮਚਾਰੀ ਜਮਾਂ ਹੋਏ ਦੇਖੇ ਤਾਂ ਉੱਥੇ ਆ ਗਿਆ ਤੇ ਪਤਾ ਲੱਗਿਆ ਪਰਸ ਦੀ ਮਾਲਕ ਔਰਤ ਪਰਸ ਲੱਭਦੇ ਲੱਭਦੇ ਵਾਪਸ ਆਈ ਹੈ। ਉਸਨੇ ਔਰਤ ਨੂੰ ਉਸਦਾ ਪਰਸ ਵਾਪਸ ਕਰ ਦਿੱਤਾ ਅਤੇ ਇਸ ਨਾਲ ਉਸ ਨੂੰ ਦਿੱਲੀ ਖ਼ੁਸ਼ੀ ਹੋ ਰਹੀ ਹੈ।