ਜਲੰਧਰ ‘ਚ ਬੋਰਵੈੱਲ ‘ਚ ਫਸਿਆ ਇੰਜੀਨੀਅਰ: ਮਸ਼ੀਨ ਠੀਕ ਕਰਨ ਲਈ ਉਤਰਿਆ; NDRF ਨੇ ਸ਼ੁਰੂ ਕੀਤੀ ਬਚਾਅ ਮੁਹਿੰਮ |
ਪੰਜਾਬ ਉਜਾਲਾ ਨਿਊਜ਼
ਜਲੰਧਰ ‘ਚ ਬੋਰਵੈੱਲ ‘ਚ ਫਸਿਆ ਇੰਜੀਨੀਅਰ: ਮਸ਼ੀਨ ਠੀਕ ਕਰਨ ਲਈ ਉਤਰਿਆ; NDRF ਨੇ ਸ਼ੁਰੂ ਕੀਤੀ ਬਚਾਅ ਮੁਹਿੰਮ |
ਜਲੰਧਰ, 13 ਅਗਸਤ, (ਰਾਹੁਲ ਕਸ਼ਯਪ)ਜਲੰਧਰ ‘ਚ ਅੰਮ੍ਰਿਤਸਰ ਹਾਈਵੇਅ ‘ਤੇ ਫਲਾਈਓਵਰ ਲਈ ਬਣਾਏ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ ‘ਚ ਇੰਜੀਨੀਅਰ ਫਸ ਗਿਆ। ਐਤਵਾਰ ਦੁਪਹਿਰ 12 ਵਜੇ ਤੱਕ NDRF ਦੀਆਂ ਟੀਮਾਂ ਬਚਾਅ ਕਾਰਜ ਚਲਾ ਕੇ ਉਸ ਦੀ ਭਾਲ ਕਰ ਰਹੀਆਂ ਹਨ। ਇੰਜੀਨੀਅਰ ਦੀ ਪਛਾਣ ਸੁਦੇਸ਼ (30) ਵਜੋਂ ਹੋਈ ਹੈ। ਉਹ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸੁਦੇਸ਼ ਮਸ਼ੀਨ ਨੂੰ ਠੀਕ ਕਰਨ ਲਈ ਬੋਰਵੈੱਲ ‘ਚ ਉਤਰਿਆ ਸੀ। ਉਹ ਆਪਣੇ ਨਾਲ ਆਕਸੀਜਨ ਸਿਲੰਡਰ ਵੀ ਲੈ ਗਿਆ ਸੀ, ਜਦੋਂ ਉਹ ਉੱਪਰ ਆਉਣ ਲੱਗਾ ਤਾਂ ਮਿੱਟੀ ਆ ਕੇ ਉਸ ‘ਤੇ ਡਿੱਗ ਪਈ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਹੋਰ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੋਰਵੈੱਲ ‘ਚ 40 ਫੁੱਟ ਤੋਂ ਜ਼ਿਆਦਾ ਮਿੱਟੀ ਡਿੱਗ ਗਈ।
ਹਾਈਵੇਅ ‘ਤੇ ਬਣ ਰਹੇ ਫਲਾਈਓਵਰ ਦਿੱਲੀ-ਅੰਮ੍ਰਿਤਸਰ-ਜੰਮੂ-ਕਟੜਾ ਹਾਈਵੇਅ ਪ੍ਰਾਜੈਕਟ ਤਹਿਤ ਕਰਤਾਰਪੁਰ ਸ਼ਹਿਰ ਤੋਂ ਕਪੂਰਥਲਾ ਨੂੰ ਜਾਂਦੇ ਪਿੰਡ ਬਸ਼ਰਾਮਪੁਰ ਨੇੜੇ ਹਾਈਵੇਅ ਪ੍ਰਾਜੈਕਟ ਚੱਲ ਰਿਹਾ ਹੈ। ਸਾਰੀਆਂ ਸਥਾਨਕ ਸੜਕਾਂ ‘ਤੇ ਫਲਾਈਓਵਰ ਬਣਾਏ ਜਾ ਰਹੇ ਹਨ ਤਾਂ ਜੋ ਐਕਸਪ੍ਰੈਸ ਵੇਅ ‘ਤੇ ਆਵਾਜਾਈ ਨਿਯਮਤ ਤੌਰ ‘ਤੇ ਚੱਲ ਸਕੇ।
ਕੌਮੀ ਹਾਈਵੇ ਅਥਾਰਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਐਨ ਡੀ ਆਰ ਐਫ ਦੀ ਟੀਮ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ ।
ਇਸ ਤੋਂ ਇਲਾਵਾ ਮਿੱਟੀ ਨੂੰ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਤੇ ਮੌਕੇ ‘ਤੇ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ ।
ਸਮੁੱਚੇ ਬਚਾਅ ਕਾਰਜਾਂ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ) ਜਲੰਧਰ ਜਸਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ।ਸਿਵਲ, ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ।