Search for:
  • Home/
  • Uncategorized/
  • ਮਾਤਾ ਚਿੰਤਪੁਰਨੀ ਮੇਲੇ ਦੌਰਾਨ ਯਾਤਰਾ ਲਈ ਭਾਰ ਢੋਹਣ ਵਾਲੇ ਵਾਹਨਾਂ ਦੀ ਵਰਤੋਂ ਨਾ ਕਰਨ ਸ਼ਰਧਾਲੂ

ਮਾਤਾ ਚਿੰਤਪੁਰਨੀ ਮੇਲੇ ਦੌਰਾਨ ਯਾਤਰਾ ਲਈ ਭਾਰ ਢੋਹਣ ਵਾਲੇ ਵਾਹਨਾਂ ਦੀ ਵਰਤੋਂ ਨਾ ਕਰਨ ਸ਼ਰਧਾਲੂ

ਪੰਜਾਬ ਉਜਾਲਾ ਨਿਊਜ਼

ਮਾਤਾ ਚਿੰਤਪੁਰਨੀ ਮੇਲੇ ਦੌਰਾਨ ਯਾਤਰਾ ਲਈ ਭਾਰ ਢੋਹਣ ਵਾਲੇ ਵਾਹਨਾਂ ਦੀ ਵਰਤੋਂ ਨਾ ਕਰਨ ਸ਼ਰਧਾਲੂ : ਰਾਹੁਲ ਚਾਬਾ

ਏ.ਡੀ.ਸੀ ਨੇ ਮਾਤਾ ਚਿੰਤਪੁਰਨੀ ਮੇਲੇ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ, 8 ਅਗਸਤ (ਰਾਹੁਲ ਕਸ਼ਯਪ)ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ 17 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਤਾ ਚਿੰਤਪੁਰਨੀ ਮੇਲੇ ਸਬੰਧੀ ਅੱਜ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਮੇਲੇ ਦੇ ਸੁਚਾਰੂ ਪ੍ਰਬੰਧਾਂ ਵਿਚ ਉਹ ਲੰਗਰ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਅਤੇ ਯਕੀਨੀ ਬਣਾਉਣ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਸ ਦੌਰਾਨ ਉਨ੍ਹਾਂ ਨਾਲ ਆਈ.ਏ.ਐਸ. ਟ੍ਰੇਨੀ ਦਿਵਿਆ.ਪੀ, ਐਸ.ਪੀ.(ਹੈਡਕੁਆਟਰ) ਮਨਜੀਤ ਕੌਰ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਸਕੱਤਰ ਆਰ.ਟੀ.ਏ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਮੇਲੇ ਦੌਰਾਨ ਕੋਈ ਵੀ ਸ਼ਰਧਾਲੂ ਭਾਰ ਢੋਹਣ ਵਾਲੇ ਵਾਹਨਾਂ (ਕਮਰਸ਼ੀਅਲ ਵਾਹਨਾਂ) ’ਤੇ ਨਾ ਜਾਵੇ, ਕਿਉਂਕਿ ਇਨ੍ਹਾਂ ਵਾਹਨਾਂ ਨਾਲ ਹਮੇਸ਼ਾ ਦੁਰਘਟਨਾ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਵਾਹਨਾਂ ’ਤੇ ਸ਼ਰਧਾਲੂਆਂ ਨੂੰ ਫੱਟੇ ਆਦਿ ਲਗਾ ਕੇ ਬਿਠਾਇਆ ਜਾਂਦਾ ਹੈ, ਜਿਸ ਨਾਲ ਜਿਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਉਥੇ ਕਿਸੇ ਗੰਭੀਰ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਡੀ.ਜੇ ’ਤੇ ਪਾਬੰਦੀ ਰਹੇਗੀ ਅਤੇ ਜੇਕਰ ਕੋਈ ਵੀ ਡੀ.ਜੇ ਚਲਾਉਂਦਾ ਪਾਇਆ ਗਿਆ, ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਕਿ ਲੰਗਰ ਲਗਾਉਣ ਦੌਰਾਨ ਸਫਾਈ ਵਿਵਸਥਾ ਬਰਕਰਾਰ ਰੱਖਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਵਾਤਾਵਰਣ ਦੂਸ਼ਿਤ ਨਾ ਹੋ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਨਿਰਵਿਘਨ ਆਵਾਜਾਈ ਲਈ ਸੰਗਠਨਾਂ ਵਲੋਂ ਸੜਕ ’ਤੇ ਆ ਕੇ ਲੰਗਰ ਨਾ ਵਰਤਾਇਆ ਜਾਵੇ ਅਤੇ ਲੰਗਰ ਦੌਰਾਨ ਸਿੰਗਲ ਯੂਜ਼ ਪਲਾਸਟਿਕ (ਜੋ ਬੈਨ ਹੋ ਚੁੱਕਾ ਹੈ) ਦੀ ਵਰਤੋਂ ਨਾ ਕੀਤੀ ਜਾਵੇ।
ਰਾਹੁਲ ਚਾਬਾ ਨੇ ਇਸ ਦੌਰਾਨ 24 ਘੰਟੇ ਸਿਹਤ ਸੇਵਾਵਾਂ, ਮੋਬਾਇਲ ਪਖਾਨੇ, ਪੁਲਿਸ ਮੋਨੀਟਰਿੰਗ, ਕੰਟਰੋਲ ਰੂਮ, ਟੈ੍ਰਫਿਕ ਕੰਟਰੋਲ ਅਤੇ ਹੋਰ ਸੁਵਿਧਾਵਾਂ ਸਬੰਧੀ ਵੀ ਸਮੀਖਿਆ ਕਰਦੇ ਹੋਏ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ, ਇਸ ਲਈ ਲੰਗਰ ਕਮੇਟੀਆਂ ਵਲੋਂ ਇਹ ਰਜਿਸਟ੍ਰੇਸ਼ਨ ਐਸ.ਡੀ.ਐਮ ਦਫ਼ਤਰ ਹੁਸ਼ਿਆਰਪੁਰ ਤੋਂ ਕਰਵਾਈ ਜਾ ਸਕਦੀ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।