ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵਲੋਂ 1.38 ਕਰੋੜ ਰੁਪਏ ਦੇ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ
ਪੰਜਾਬ ਉਜਾਲਾ ਨਿਊਜ਼
ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵਲੋਂ 1.38 ਕਰੋੜ ਰੁਪਏ ਦੇ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਰਮਨੀਕ ਐਵਿਨਿਊ ਅਤੇ ਪ੍ਰੇਮ ਨਗਰ ਐਕਸਟੈਂਸ਼ਨ ਦੇ ਸੀਵਰੇਜ ਨੂੰ ਜੋੜਨ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ
ਜਲੰਧਰ(ਰਾਹੁਲ ਕਸ਼ਯਪ): ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਅੱਜ ਇੱਥੇ 1.38 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਸੀਵਰੇਜ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਲੋੜੀਂਦੀ ਹਰ ਬੁਨਿਆਦੀ ਸਹੂਲਤ ਦੇਣ ਲਈ ਵਚਨਬੱਧ ਹੈ ਅਤੇ ਹਰ ਖੇਤਰ ਵਿਚ ਇਹ ਸਹੂਲਤਾਂ ਯਕੀਨੀ ਬਣਾਈਆ ਜਾਣਗੀਆਂ।
ਸਥਾਨਕ ਪਠਾਨਕੋਟ ਰੋਡ ਅਤੇ ਅਮ੍ਰਿਤਸਰ ਨੈਸ਼ਨਲ ਹਾਈਵੇਅ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਰਮਨੀਕ ਐਵਿਨਿਊ ਅਤੇ ਪ੍ਰੇਮ ਨਗਰ ਐਕਸਟੈਂਸ਼ਨ-1 ਦਾ ਸੀਵਰੇਜ ਕਿਸੇ ਵੀ ਮੇਨ ਸੀਵਰ ਨਾਲ ਜੁੜਿਆ ਨਹੀਂ ਸੀ ਅਤੇ ਇਲਾਕਾ ਵਾਸੀਆਂ ਦੀ ਚਿਰੋਕਲੀ ਮੰਗ ਨੂੰ ਪੂਰਾ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਸੀਵਰੇਜ ਪ੍ਰਾਜੈਕਟ ਤੋਂ ਇਲਾਵਾ ਲੋੜੀਂਦੀ ਸੜਕ ਵੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ 850 ਮੀਟਰ ਲੰਬਾਈ ਵਾਲੇ ਸੀਵਰੇਜ ਦੇ ਸ਼ੁਰੂ ਹੋਣ ਨਾਲ ਰਮਨੀਕ ਨਗਰ, ਪ੍ਰੇਮ ਨਗਰ ਐਕਸਟੈਂਸ਼ਨ-1 ਅਤੇ ਲਾਗਲੇ ਇਲਾਕਿਆਂ ਦੀ 10 ਹਜ਼ਾਰ ਤੋਂ ਵੱਧ ਦੀ ਅਬਾਦੀ ਨੂੰ ਵੱਡੀ ਬੁਨਿਆਦੀ ਸਹੂਲਤ ਮਿਲੇਗੀ ।
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਨੀਂਹ ਪੱਥਰ ਰੱਖਣ ਸਮੇਂ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਵਰੇਜ ਪ੍ਰਾਜੈਕਟ ਦਾ ਕੰਮ ਤੈਅ ਸਮੇਂ ਵਿਚ ਮੁਕੰਮਲ ਕਰਕੇ ਮੇਨ ਸੀਵਰੇਜ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ 1.38 ਕਰੋੜ ਰੁਪਏ ’ਚੋਂ ਇੱਕ ਕਰੋੜ ਰੁਪਏ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਸੀਵਰੇਜ ਦਾ ਕੰਮ ਅਤੇ ਬਾਕੀ ਪੀ.ਡਬਲਿਯੂ.ਡੀ. ਵਿਭਾਗ ਵਲੋਂ ਸੜਕ ਬਣਾਉਣ ਦੇ ਕੰਮ ’ਤੇ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ਵਿਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਕੋਈ ਵੀ ਖੇਤਰ ਇਨ੍ਹਾਂ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਭਿਜੀਤ ਕਪਲਿਸ਼, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਇਲਾਕਾਂ ਨਿਵਾਸੀ ਮੌਜੂਦ ਸਨ।